ਅਜੀਤ ਅਖਬਾਰ ਦੀ ਰਿਪੋਰਟ -“‘ਲਾਪਤਾ ਪੰਜਾਬ’ ਰਾਹੀਂ ਬਿਆਨ ਕੀਤੀ ਗਈ 1980-90 ਦੇ ਦਹਾਕੇ ‘ਚ ਹੋਏ ਸਰਕਾਰੀ ਜਬਰ ਦੀ ਦਾਸਤਾਨ|”

‘ਲਾਪਤਾ ਪੰਜਾਬ’ ਰਾਹੀਂ ਬਿਆਨ ਕੀਤੀ ਗਈ 1980-90 ਦੇ ਦਹਾਕੇ ‘ਚ ਹੋਏ ਸਰਕਾਰੀ ਜਬਰ ਦੀ ਦਾਸਤਾਨ

ਅੰਮਿ੍ਤਸਰ, 7 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ‘ਚ 1980-90 ਦੇ ਦਹਾਕੇ ਦੌਰਾਨ ਪੁਲਿਸ, ਸੁਰੱਖਿਆ ਬਲਾਂ ਅਤੇ ਫ਼ੌਜ ਵਲੋਂ ਲਾਪਤਾ ਕੀਤੇ ਗਏ ਅਤੇ ਮਾਰੇ ਗਏ ਲੋਕਾਂ ਦੀ ਜਨ ਹਿੱਤ ਪਟੀਸ਼ਨ ਸੁਪਰੀਮ ਕੋਰਟ ‘ਚ ਪਾਉਣ ਵਾਲੀ ਸੰਸਥਾ ਪੰਜਾਬ ਡਾਕੂਮੈਂਟਰੀ ਅਤੇ ਐਡਵੋਕੇਸੀ ਪ੍ਰੋਜੈਕਟ ਵਲੋਂ ਪੀੜਤ ਪਰਿਵਾਰਾਂ ਤੋਂ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੀ ਤਿਆਰ ਕੀਤੀ ‘ਲਾਪਤਾ ਪੰਜਾਬ’ ਦਸਤਾਵੇਜ਼ੀ ਫ਼ਿਲਮ ਅੱਜ ਆਰਟ ਗੈਲਰੀ ਵਿਖੇ ਦਿਖਾਈ | ਇਸ ਮੌਕੇ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਹਾਜ਼ਰ ਸਨ | 

ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਥਾ ਦੇ ਆਗੂ ਬਰਿਸਟਰ ਸਤਿਨਾਮ ਸਿੰਘ ਨੇ ਦੱਸਿਆ ਕਿ 1984 ਤੋਂ 1995 ਦੇ ਅਰਸੇ ਦੌਰਾਨ ਪੰਜਾਬ ‘ਚ ਅਗਵਾ ਕਰਕੇ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਣ ਅਤੇ ਕਤਲ ਕਰ ਦਿੱਤੇ ਜਾਣ ਦੇ ਕੇਸਾਂ ਦੀ ਪੜਤਾਲ ਕੀਤੀ ਗਈ ਹੈ | ਅਣਪਛਾਤੀਆ ਕਹਿ ਕੇ ਪੁਲਿਸ ਵਲੋਂ ਉਪਰੋਕਤ ਅਰਸੇ ‘ਚ ਸਾੜੀਆਂ ਗਈਆਂ ਲਾਸ਼ਾਂ ਸਬੰਧੀ ਵੱਖ-ਵੱਖ ਸ਼ਮਸ਼ਾਨਘਾਟ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ, ਜਿਸ ਦੌਰਾਨ 8527 ਕੇਸ ਉਨ੍ਹਾਂ ਦੇ ਸਾਹਮਣੇ ਆਏ ਹਨ ਅਤੇ ਇਹ ਪੜਤਾਲ ਅਜੇ ਵੀ ਜਾਰੀ ਹੈ | ਉਨ੍ਹਾਂ ਕਿਹਾ ਇਸ ਸਬੰਧ ‘ਚ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ ਪਾਈ ਗਈ ਹੈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਪੀ. ਡੀ. ਏ. ਪੀ. ਨੇ ਨਵੇਂ ਸਬੂਤਾਂ ਨੂੰ ਆਧਾਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਪੰਜਾਬ ਮਨੁੱਖੀ ਅਧਿਕਾਰੀ ਦੀ ਗੱਲ ਕਰਨ ਵਾਲੇ ਸ਼ਹੀਦ ਸ: ਜਸਵੰਤ ਸਿੰਘ ਖਾਲੜਾ ਵਲੋਂ ਜੋ ਸੰਘਰਸ਼ ਆਰੰਭਿਆ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਅਧੂਰਾ ਰਹਿ ਗਿਆ ਸੀ, ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਸੰਸਥਾ ਵਲੋਂ ਯਤਨ ਕੀਤਾ ਜਾ ਰਿਹਾ ਹੈ | 

ਸਰਕਾਰੀ ਜਬਰ ਦਾ ਸ਼ਿਕਾਰ ਹੋਏ ਲੋਕਾਂ ਦੇ ਵਾਰਿਸ ਜੋ ਸਰਕਾਰੀ ਤਸ਼ੱਦਦ ਦੇ ਜ਼ਖ਼ਮਾਂ ਦੀ ਪੀੜਾਂ ਝੱਲਦੇ ਹੋਏ ਇਨਸਾਫ਼ ਦੀ ਆਸ ਲਈ ਭਟਕ ਰਹੇ ਹਨ | ਇਸ ਦੌਰਾਨ ਸੁਲਤਾਨਵਿੰਡ ਦੀ ਬੀਬੀ ਪਰਮਜੀਤ ਕੌਰ ਤੇ ਦੱਸਿਆ ਕਿ ਉਸ ਦੇ 2 ਭਰਾਵਾਂ ਅਤੇ ਦਿਉਰ ਨੂੰ ਪੁਲਿਸ ਵਲੋਂ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ | ਉਸ ਨੇ ਦੱਸਿਆ ਕਿ ਉਸ ਦਾ ਇਕ ਭਰਾ ਕਣਕ ਵੱਢਦੇ ਹੋਏ ਮਾਰ ਦਿੱਤਾ ਗਿਆ ਗਿਆ, ਜਦ ਕਿ ਦੂਸਰੇ ਭਰਾ ਰਾਜਿੰਦਰ ਸਿੰਘ ਨੂੰ ਤੇ ਉਸ ਦੇ ਦਿਉਰ ਨੂੰ 2 ਹੋਰ ਨੌਜਵਾਨਾਂ ਨਾਲ ਸੁਲਤਾਨਵਿੰਡ ਵਿਖੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ | ਉਸ ਨੇ ਆਪਣੀ ਦਰਦ ਭਰੀ ਦਾਸਤਾਨ ਬਿਆਨ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਮਾਸੂਮ ਲੜਕੇ ਜਿਸ ਦੀ ਉਮਰ ਉਸ ਵੇਲੇ 6 ਸਾਲ ਦੀ ਸੀ, ਨੂੰ ਚੁੱਕ ਲਿਆ ਅਤੇ ਥਾਣੇ ਵਿਚ ਲਿਜਾ ਕੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ | ਉਸ ਨੇ ਦੱਸਿਆ ਉਸ ਦੇ ਮਾਸੂਮ ਪੁੱਤਰ ਦੇ ਵਾਲਾਂ ਨੂੰ ਫ਼ੜਕੇ ਉਸ ਨੂੰ ਧੂਹਇਆ ਗਿਆ, ਜਿਸ ਕਰਕੇ ਉਸ ਦੇ ਸਿਰ ‘ਚ ਰਸੌਲੀਆਂ ਹੋ ਗਈਆਂ ਅਤੇ ਹੁਣ ਉਹ ਅਪਾਹਿਜ ਹੋ ਗਿਆ ਹੈ | 

ਕਲਾਨੌਰ ਗੁਰਦਾਸਪੁਰ ਤੋਂ ਆਏ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਰਤਨ ਸਿੰਘ ਨੂੰ ਪੁਲਿਸ ਨੇ 30 ਅਪ੍ਰੈਲ 1991 ਨੂੰ ਘਰੋਂ ਚੁੱਕਿਆ ਅਤੇ ਫ਼ਿਰ ਲਾਪਤਾ ਕਰ ਦਿੱਤਾ | ਉਸ ਨੇ ਦੱਸਿਆ ਕਿ ਪੀ. ਡੀ. ਏ. ਪੀ ਵਲੋਂ ਪਤਾ ਲਗਾ ਕੇ ਦੱਸਿਆ ਗਿਆ ਹੈ ਉਸ ਦੇ ਪਿਤਾ ਨੂੰ ਪੁਲਿਸ ਵਲੋਂ ਮਾਰ ਕੇ ਲਵਾਰਿਸ ਦੱਸਦੇ ਹੋਏ ਉਸ ਦਾ ਸਸਕਾਰ ਅੰਮਿ੍ਤਸਰ ‘ਚ ਕਰ ਦਿੱਤਾ ਗਿਆ ਸੀ | ਉਸ ਨੇ ਦੱਸਿਆ ਕਿ ਉਹ ਅੱਜ ਤੱਕ ਆਪਣੇ ਪਿਤਾ ਲਈ ਇਨਸਾਫ਼ ਲਈ ਭਟਕ ਰਹੇ ਹਨ | ਇਸ ਮੌਕੇ ਸ: ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਸਿੰਘ ਕੌਰ ਖਾਲੜਾ, ਦਲ ਖ਼ਾਲਸਾ ਦੇ ਸ: ਕੰਵਰਪਾਲ ਸਿੰਘ, ਯੂਨਾਈਟਿਡ ਅਕਾਲੀ ਦਲ ਵਲੋਂ ਭਾਈ ਮੋਹਕਮ ਸਿੰਘ, ਸ: ਜਗਜੀਤ ਸਿੰਘ, ਸ. ਪੂਰਨ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਹੋਰ ਲੋਕ ਹਾਜ਼ਰ ਸਨ |

 

ਇਸ ਲੇਖ ਨੂੰ ਅਜੀਤ ਅਖਬਾਰ ਦੀ ਵੈਬਸਾਈਟ ਤੇ ਇਥੇ ਪੜ੍ਹੋ|